ਅਮਰੀਕਾ ‘ਚ ਹਿੰਦੂ ਮੰਦਰ ਨੂੰ ਬਣਾਇਆ ਨਿਸ਼ਾਨਾ

December 23, 2023 4:19 am
Panjab Pratham

ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਹਿੰਦੂ ਮੰਦਰ ਦੀਆਂ ਕੰਧਾਂ ‘ਤੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਹਨ। ਇਹ ਘਟਨਾ ਅਮਰੀਕਾ ਦੇ ਕੈਲੀਫੋਰਨੀਆ ਦੇ ਨੇਵਾਰਕ ਸ਼ਹਿਰ ਵਿੱਚ ਦੇਖਣ ਨੂੰ ਮਿਲੀ ਹੈ। ਇਸ ਨਾਲ ਜੁੜੀਆਂ ਤਸਵੀਰਾਂ ਹਿੰਦੂ ਅਮਰੀਕਾ ਫਾਊਂਡੇਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਸ਼ੇਅਰ ਕੀਤੀਆਂ ਹਨ। ਇਸ ‘ਚ ਸਵਾਮੀਨਾਰਾਇਣ ਮੰਦਰ ਦੀਆਂ ਕੰਧਾਂ ‘ਤੇ ਸਲੋਗਨ ਲਿਖੇ ਨਜ਼ਰ ਆ ਰਹੇ ਹਨ। ਇਹ ਨਾਅਰੇ ਕਾਲੇ ਸਪਰੇਅ ਪੇਂਟ ਨਾਲ ਭਾਰਤ ਅਤੇ ਪੀਐਮ ਮੋਦੀ ਦੇ ਖਿਲਾਫ ਲਿਖੇ ਗਏ ਸਨ।

ਫਾਊਂਡੇਸ਼ਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਘਟਨਾ ਦੀ ਜਾਂਚ ਨਫਰਤ ਅਪਰਾਧ ਵਜੋਂ ਹੋਣੀ ਚਾਹੀਦੀ ਹੈ। ਘਟਨਾ ਤੋਂ ਬਾਅਦ ਮੰਦਰ ਨਾਲ ਜੁੜੇ ਲੋਕਾਂ ਨੇ ਨੇਵਾਰਕ ਪੁਲਿਸ ਵਿਭਾਗ ਅਤੇ ਨਿਆਂ ਵਿਭਾਗ ਸਿਵਲ ਰਾਈਟਸ ਡਿਵੀਜ਼ਨ ਨੂੰ ਇਸ ਦੀ ਸੂਚਨਾ ਦਿੱਤੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। ਅਮਰੀਕਾ ਤੋਂ ਇਲਾਵਾ ਕੈਨੇਡਾ, ਬ੍ਰਿਟੇਨ ਅਤੇ ਆਸਟ੍ਰੇਲੀਆ ਵਿਚ ਵੀ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ।

ਮੰਦਰ ‘ਤੇ ਹਮਲਾ ਉਦੋਂ ਹੋਇਆ ਹੈ ਜਦੋਂ ਅਮਰੀਕਾ ਨੇ ਹਾਲ ਹੀ ਵਿਚ ਦਾਅਵਾ ਕੀਤਾ ਸੀ ਕਿ ਇਕ ਭਾਰਤੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਇਸ ਮਾਮਲੇ ‘ਤੇ ਪੀਐਮ ਮੋਦੀ ਨੇ ਆਪਣੀ ਚੁੱਪੀ ਤੋੜੀ ਹੈ। ਪੀਐਮ ਮੋਦੀ ਨੇ ਫਾਈਨੈਂਸ਼ੀਅਲ ਟਾਈਮਜ਼ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਅਮਰੀਕਾ ਵੱਲੋਂ ਦਿੱਤੇ ਗਏ ਸਬੂਤਾਂ ਨੂੰ ਦੇਖਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੁਝ ਘਟਨਾਵਾਂ ਭਾਰਤ-ਅਮਰੀਕਾ ਸਬੰਧਾਂ ਨੂੰ ਪਟੜੀ ਤੋਂ ਨਹੀਂ ਉਤਾਰ ਸਕਦੀਆਂ। ਇਸ ਤੋਂ ਇਲਾਵਾ ਪੀਐਮ ਮੋਦੀ ਨੇ ਖਾਲਿਸਤਾਨੀਆਂ ‘ਤੇ ਵੀ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਕਿਹਾ ਕਿ ਇਹ ਤੱਤ ਪ੍ਰਗਟਾਵੇ ਦੀ ਆਜ਼ਾਦੀ ਦੀ ਆੜ ਵਿੱਚ ਧਮਕੀਆਂ ਦਿੰਦੇ ਹਨ ਅਤੇ ਹਿੰਸਾ ਭੜਕਾਉਂਦੇ ਹਨ।