ਜੇਮਸ ਐਂਡਰਸਨ ਨੇ ਬਣਾਇਆ ਵਿਸ਼ਵ ਰਿਕਾਰਡ, 700 ਵਿਕਟਾਂ ਲਈਆਂ

March 9, 2024 2:14 pm
Panjab Pratham News

ਨਵੀਂ ਦਿੱਲੀ : ਇੰਗਲੈਂਡ ਦੇ ਸਭ ਤੋਂ ਤਜਰਬੇਕਾਰ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਭਾਰਤ ਖਿਲਾਫ ਧਰਮਸ਼ਾਲਾ ਟੈਸਟ ‘ਚ ਕੁਲਦੀਪ ਯਾਦਵ ਦਾ ਵਿਕਟ ਲੈ ਕੇ ਇਤਿਹਾਸ ਰਚ ਦਿੱਤਾ ਹੈ। ਕੁਲਦੀਪ ਯਾਦਵ ਦੇ ਰੂਪ ‘ਚ ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਦਾ 700ਵਾਂ ਸ਼ਿਕਾਰ ਬਣਾਇਆ। ਇਸ ਨਾਲ ਐਂਡਰਸਨ ਟੈਸਟ ਕ੍ਰਿਕਟ ‘ਚ 700 ਵਿਕਟਾਂ ਦਾ ਅੰਕੜਾ ਛੂਹਣ ਵਾਲਾ ਪਹਿਲਾ ਤੇਜ਼ ਗੇਂਦਬਾਜ਼ ਅਤੇ ਦੁਨੀਆ ਦਾ ਤੀਜਾ ਖਿਡਾਰੀ ਬਣ ਗਿਆ ਹੈ।

ਐਂਡਰਸਨ ਤੋਂ ਪਹਿਲਾਂ ਸ਼੍ਰੀਲੰਕਾ ਅਤੇ ਆਸਟਰੇਲੀਆ ਦੇ ਦਿੱਗਜ ਖਿਡਾਰੀ ਮੁਥੱਈਆ ਮੁਰਲੀਧਰਨ ਅਤੇ ਸ਼ੇਨ ਵਾਰਨ ਟੈਸਟ ਕ੍ਰਿਕਟ ਵਿੱਚ ਕਮਾਲ ਕਰ ਚੁੱਕੇ ਹਨ। ਐਂਡਰਸਨ ਨੂੰ ਇਹ ਉਪਲਬਧੀ ਹਾਸਲ ਕਰਨ ਲਈ 187 ਮੈਚਾਂ ਦੀਆਂ 348 ਪਾਰੀਆਂ ਲੱਗੀਆਂ। ਐਂਡਰਸਨ ਦੇ ਨਾਂ ਟੈਸਟ ਕ੍ਰਿਕਟ ‘ਚ ਤੇਜ਼ ਗੇਂਦਬਾਜ਼ ਦੇ ਤੌਰ ‘ਤੇ ਸਭ ਤੋਂ ਜ਼ਿਆਦਾ ਗੇਂਦਾਂ ਸੁੱਟਣ ਦਾ ਵਿਸ਼ਵ ਰਿਕਾਰਡ ਵੀ ਹੈ। ਹੁਣ ਤੱਕ ਉਹ ਆਪਣੇ 21 ਸਾਲ ਲੰਬੇ ਟੈਸਟ ਕਰੀਅਰ ‘ਚ ਕਰੀਬ 40 ਹਜ਼ਾਰ ਗੇਂਦਾਂ ਸੁੱਟ ਚੁੱਕੇ ਹਨ।
ਜੇਕਰ ਟੈਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਸ਼੍ਰੀਲੰਕਾ ਦੇ ਮੁਥੱਈਆ ਮੁਰਲੀਧਰਨ 800 ਵਿਕਟਾਂ ਲੈ ਕੇ ਸਭ ਤੋਂ ਉੱਪਰ ਹਨ।ਸ਼ੇਨ ਵਾਰਨ ਇਸ ਸੂਚੀ ‘ਚ 708 ਵਿਕਟਾਂ ਨਾਲ ਦੂਜੇ ਸਥਾਨ ‘ਤੇ ਹਨ।ਹੁਣ ਜੇਮਸ ਐਂਡਰਸਨ 700 ਵਿਕਟਾਂ ਲੈਣ ਵਾਲੇ ਕਲੱਬ ਵਿੱਚ ਸ਼ਾਮਲ ਹੋਣ ਵਾਲੇ ਤੀਜੇ ਗੇਂਦਬਾਜ਼ ਬਣ ਗਏ ਹਨ।ਹੁਣ ਇਹ ਦੇਖਣਾ ਹੋਵੇਗਾ ਕਿ ਐਂਡਰਸਨ ਇਸ ਸੂਚੀ ‘ਚ ਦੂਜੇ ਸਥਾਨ ‘ਤੇ ਪਹੁੰਚ ਸਕਦੇ ਹਨ ਜਾਂ ਨਹੀਂ।