ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਸਾਊਦੀ ਅਰਬ ‘ਚ ਪਹਿਲੀ ਵਾਰ ਸ਼ਰਾਬ ਦੀ ਦੁਕਾਨ ਖੁਲ੍ਹੇਗੀ
ਇਸਲਾਮ ਵਿੱਚ ਸ਼ਰਾਬ ਪੀਣਾ ਹਰਾਮ ਮੰਨਿਆ ਜਾਂਦਾ ਹੈ ਅਤੇ ਇਸ ਕਾਰਨ ਸਾਊਦੀ ਅਰਬ ਵਿੱਚ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਸੀ, ਪਰ ਸਾਊਦੀ ਅਰਬ ਦੇ ਪ੍ਰਿੰਸ ਨੇ ਕੁਝ ਸ਼ਰਤਾਂ ਦੇ ਨਾਲ ਸ਼ਰਾਬ ਦੀ ਦੁਕਾਨ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ।
ਰਿਆਦ : ਅਰਬ ਪ੍ਰਾਇਦੀਪ ਦੇ ਸਭ ਤੋਂ ਵੱਡੇ ਦੇਸ਼ ਸਾਊਦੀ ਅਰਬ ਦਾ ਦਹਾਕਿਆਂ ਤੋਂ ਸਖ਼ਤ ਸਮਾਜਿਕ ਅਤੇ ਧਾਰਮਿਕ ਨਿਯੰਤਰਣ ਦਾ ਲੰਬਾ ਇਤਿਹਾਸ ਰਿਹਾ ਹੈ, ਪਰ ਹੁਣ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਅਗਵਾਈ ਹੇਠ ਇਹ ਦੇਸ਼ ਨਵੀਂ ਕਹਾਣੀ ਲਿਖ ਰਿਹਾ ਹੈ। ਇਸਲਾਮਿਕ ਕੱਟੜਵਾਦ ਤੋਂ ਬਾਹਰ ਆ ਕੇ ਸਾਊਦੀ ਅਰਬ ‘ਚ 72 ਸਾਲਾਂ ਬਾਅਦ ਪਹਿਲੀ ਵਾਰ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣ ਜਾ ਰਹੀਆਂ ਹਨ। ਸਾਊਦੀ ਅਰਬ ਨੇ ਆਪਣੀ ਰਾਜਧਾਨੀ ਰਿਆਦ ਵਿੱਚ ਸ਼ਰਾਬ ਦੇ ਪਹਿਲੇ ਸਟੋਰ ਦੀ ਇਜਾਜ਼ਤ ਦੇ ਦਿੱਤੀ ਹੈ। ਗੈਰ-ਮੁਸਲਿਮ ਵਿਦੇਸ਼ੀ ਮਹਿਮਾਨ ਇੱਥੇ ਸ਼ਰਾਬ ਖਰੀਦ ਸਕਣਗੇ।
ਸਾਊਦੀ ਪ੍ਰਿੰਸ ਦਾ ਇਹ ਕਦਮ ਇਸਲਾਮ ਦੇ ਦੋ ਸਭ ਤੋਂ ਪਵਿੱਤਰ ਸ਼ਹਿਰ ਮੱਕਾ ਅਤੇ ਮਦੀਨਾ ਦੇ ਇਸ ਦੇਸ਼ ਵਿੱਚ ਬਦਲਾਅ ਦੀ ਨਵੀਂ ਕਹਾਣੀ ਲਿਖਣ ਜਾ ਰਿਹਾ ਹੈ। ਕੁਝ ਮਹੀਨੇ ਪਹਿਲਾਂ ਹੀ ਸਾਊਦੀ ਅਰਬ ਨੇ ਔਰਤਾਂ ਨੂੰ ਕਾਰ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਇਲਾਵਾ ਔਰਤਾਂ ਨੂੰ ਪੁਰਸ਼ਾਂ ਦੇ ਨਾਲ ਪ੍ਰੋਗਰਾਮਾਂ ‘ਚ ਸ਼ਾਮਲ ਹੋਣ, ਸਿਨੇਮਾ ਹਾਲਾਂ ‘ਚ ਜਾਣ ਅਤੇ ਇਲੈਕਟ੍ਰਾਨਿਕ ਡਾਂਸ ਮਿਊਜ਼ਿਕ (EDM) ਸ਼ੋਅ ‘ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ।
ਦੁਨੀਆ ਭਰ ਦੇ ਦੇਸ਼ਾਂ ਵਿੱਚ ਇਹ ਇੱਕ ਆਮ ਵਰਤਾਰਾ ਹੈ, ਪਰ ਰੂੜੀਵਾਦੀ ਇਸਲਾਮੀ ਦੇਸ਼ ਸਾਊਦੀ ਅਰਬ ਵਿੱਚ ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹੁਣ ਸਾਊਦੀ ਪ੍ਰਿੰਸ ਨੇ ਬਦਲਾਅ ਲਿਆ ਕੇ ਉਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਤਾਜ਼ਾ ਫੈਸਲੇ ਵਿੱਚ, ਸਾਊਦੀ ਰਾਜਕੁਮਾਰ ਨੇ ਰਿਆਦ ਵਿੱਚ ਗੈਰ-ਮੁਸਲਿਮ ਡਿਪਲੋਮੈਟਾਂ ਨੂੰ ਸ਼ਰਾਬ ਖਰੀਦਣ ਦੀ ਆਗਿਆ ਦੇਣ ਲਈ ਸਹਿਮਤੀ ਦਿੱਤੀ ਹੈ। ਦੱਸ ਦਈਏ ਕਿ ਇਸਲਾਮ ‘ਚ ਸ਼ਰਾਬ ਨੂੰ ਹਰਾਮ ਮੰਨਿਆ ਗਿਆ ਹੈ ਅਤੇ ਇਸ ਕਾਰਨ ਸਾਊਦੀ ਅਰਬ ‘ਚ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਸੀ ਪਰ ਸਾਊਦੀ ਪ੍ਰਿੰਸ ਨੇ ਕੁਝ ਸ਼ਰਤਾਂ ਨਾਲ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ।
ਸ਼ਰਤਾਂ ਮੁਤਾਬਕ ਸਾਊਦੀ ‘ਚ ਸ਼ਰਾਬ ਖਰੀਦਣ ਤੋਂ ਪਹਿਲਾਂ ਗੈਰ-ਮੁਸਲਿਮ ਵਿਦੇਸ਼ੀ ਡਿਪਲੋਮੈਟ ਨੂੰ ਪਹਿਲਾਂ ਮੋਬਾਈਲ ਸਟੋਰ ਰਾਹੀਂ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ।ਇਸ ਤੋਂ ਬਾਅਦ ਉਨ੍ਹਾਂ ਨੂੰ ਕਲੀਅਰੈਂਸ ਕੋਡ ਮਿਲੇਗਾ।ਹਰ ਮਹੀਨੇ ਹਰ ਗਾਹਕ ਲਈ ਸ਼ਰਾਬ ਦਾ ਇੱਕ ਨਿਸ਼ਚਿਤ ਕੋਟਾ ਹੋਵੇਗਾ।
ਵਿਸ਼ਲੇਸ਼ਕਾਂ ਮੁਤਾਬਕ ਇਕ ਪਾਸੇ ਸਾਊਦੀ ਪ੍ਰਿੰਸ ਦਾ ਇਹ ਕਦਮ ਉਨ੍ਹਾਂ ਦੀ ਖੁੱਲ੍ਹੀ ਸੋਚ ਨੂੰ ਦਰਸਾਉਂਦਾ ਹੈ ਅਤੇ ਦੂਜੇ ਪਾਸੇ ਇਸ ਨਾਲ ਸਾਊਦੀ ਅਰਬ ‘ਚ ਸੈਰ-ਸਪਾਟਾ ਕਾਰੋਬਾਰ ਨੂੰ ਬੜ੍ਹਾਵਾ ਮਿਲ ਸਕਦਾ ਹੈ ਕਿਉਂਕਿ ਸਾਊਦੀ ਅਰਬ 2030 ਤੱਕ ਤੇਲ ‘ਤੇ ਆਪਣੀ ਆਰਥਿਕਤਾ ਦੀ ਨਿਰਭਰਤਾ ਨੂੰ ਘੱਟ ਕਰਨਾ ਚਾਹੁੰਦਾ ਹੈ।ਕਿਉਂਕਿ ਦੁਨੀਆ ਭਰ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਵਧੀ ਹੈ, ਭਵਿੱਖ ਵਿੱਚ ਤੇਲ ਦੀ ਖਪਤ ਘੱਟ ਸਕਦੀ ਹੈ।