ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ CM ਮਾਨ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ

December 27, 2023 9:34 am
On The Second Day Of Shahidi Jod Mel, Cm Mann Paid Obeisance At Gurdwara Sri Fatehgarh Sahib

ਫਤਹਿਗੜ੍ਹ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਮੰਗਲਵਾਰ ਨੂੰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ।

ਮੁੱਖ ਮੰਤਰੀ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੇ ਅੱਤਿਆਚਾਰੀ ਮੁਗਲ ਸਾਮਰਾਜ ਵਿਰੁੱਧ ਲੜਾਈ ਦੌਰਾਨ ਇਸ ਪਵਿੱਤਰ ਅਸਥਾਨ ‘ਤੇ ਆਪਣੀ ਦਾਦੀ ਮਾਤਾ ਗੁਜਰੀ ਜੀ ਸਮੇਤ ਸ਼ਹੀਦੀ ਪ੍ਰਾਪਤ ਕੀਤੀ ਸੀ।

ਉਨ੍ਹਾਂ ਕਿਹਾ ਕਿ ਇਹ ਪਵਿੱਤਰ ਧਰਤੀ ਸਿੱਖ ਕੌਮ ਲਈ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹੈ। ਭਗਵੰਤ ਮਾਨ ਨੇ ਕਿਹਾ ਕਿ ਸਮੁੱਚਾ ਪੰਜਾਬ ਇਸ ਮਹੀਨੇ ਨੂੰ ‘ਸੋਗ ਦੇ ਮਹੀਨੇ’ ਵਜੋਂ ਮਨਾਉਂਦਾ ਹੈ ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਜ਼ਾਲਮ ਹਾਕਮਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੇ ਛੋਟੀ ਉਮਰ ਵਿੱਚ ਹੀ ਸ਼ਹੀਦੀ ਪ੍ਰਾਪਤ ਕੀਤੀ ਸੀ।

ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਮਾਜ ਦੇ ਹਰ ਵਰਗ ਦੇ ਲੋਕ ਫਤਹਿਗੜ੍ਹ ਸਾਹਿਬ ਵੱਲ ਵਧਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਵੱਲੋਂ ਇੰਨੀ ਛੋਟੀ ਉਮਰ ਵਿੱਚ ਜੋ ਮਹਾਨ ਕੁਰਬਾਨੀ ਦਿੱਤੀ ਗਈ ਹੈ, ਉਸ ਦੀ ਦੁਨੀਆਂ ਦੇ ਇਤਿਹਾਸ ਵਿੱਚ ਸ਼ਾਇਦ ਹੀ ਕੋਈ ਮਿਸਾਲ ਮਿਲਦੀ ਹੈ।