ਭਾਰਤੀ ਸ਼ੇਅਰ ਬਾਜ਼ਾਰ ਦੀ ਜ਼ਬਰਦਸਤ ਵਾਪਸੀ, ਨਿਫਟੀ 21,600 ਤੋਂ ਪਾਰ

January 10, 2024 5:22 pm
Img 20240110 Wa0104

ਮੁੰਬਈ : ਬੁੱਧਵਾਰ ਦੇ ਕਾਰੋਬਾਰੀ ਸੈਸ਼ਨ ‘ਚ ਭਾਰਤੀ ਸ਼ੇਅਰ ਬਾਜ਼ਾਰ ‘ਚ ਤੇਜ਼ੀ ਦੇਖਣ ਨੂੰ ਮਿਲੀ। ਨਿਫਟੀ ਅਤੇ ਸੈਂਸੈਕਸ ਦੋਵੇਂ ਹੀ ਵਾਧੇ ਦੇ ਨਾਲ ਬੰਦ ਹੋਏ। ਬੀਐੱਸਈ ਦਾ ਸੈਂਸੈਕਸ 271 ਅੰਕ ਜਾਂ 0.38 ਫੀਸਦੀ ਦੇ ਵਾਧੇ ਨਾਲ 71,657 ਅੰਕਾਂ ‘ਤੇ ਅਤੇ ਨਿਫਟੀ 73.85 ਅੰਕ ਜਾਂ 0.34 ਫੀਸਦੀ ਦੇ ਵਾਧੇ ਨਾਲ 21,618 ‘ਤੇ ਬੰਦ ਹੋਇਆ। ਬੈਂਕਿੰਗ ਸ਼ੇਅਰਾਂ ‘ਚ ਵੀ ਅੱਜ ਖਰੀਦਦਾਰੀ ਦੇਖਣ ਨੂੰ ਮਿਲੀ ਅਤੇ ਬੈਂਕ ਨਿਫਟੀ 118 ਅੰਕ ਵਧ ਕੇ 47,360 ‘ਤੇ ਬੰਦ ਹੋਇਆ।

ਨਿਫਟੀ ‘ਚ ਅੱਜ ਗਿਰਾਵਟ ਦੇ ਮੁਕਾਬਲੇ ਵਧਦੇ ਸ਼ੇਅਰਾਂ ਦੀ ਗਿਣਤੀ ਜ਼ਿਆਦਾ ਰਹੀ। ਅੱਜ ਦੇ ਸੈਸ਼ਨ ‘ਚ ਮਿਡ ਅਤੇ ਲਾਰਜ ਕੈਪ ਸ਼ੇਅਰਾਂ ‘ਚ ਖਰੀਦਦਾਰੀ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਸਮਾਲਕੈਪ ਇੰਡੈਕਸ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਆਟੋ, ਆਈਟੀ, ਫਿਨ ਸਰਵਿਸ, ਫਾਰਮਾ, ਮੈਟਲ, ਐਨਰਜੀ, ਪ੍ਰਾਈਵੇਟ ਬੈਂਕ, ਇੰਫਰਾ, ਕਮੋਡਿਟੀ, ਸਰਵਿਸ ਸੈਕਟਰ ਦੇ ਸੂਚਕਾਂਕ ਵਾਧੇ ਨਾਲ ਬੰਦ ਹੋਏ ਹਨ। ਰਿਐਲਟੀ, ਐਫਐਮਸੀਜੀ ਅਤੇ ਪੀਐਸਯੂ ਬੈਂਕ ਸੂਚਕਾਂਕ ਘਾਟੇ ਨਾਲ ਬੰਦ ਹੋਏ ਹਨ।

ਸੈਂਸੈਕਸ ਪੈਕ ਵਿੱਚ, ਰਿਲਾਇੰਸ, ਐਚਸੀਐਲ ਟੈਕ, ਆਈਸੀਆਈਸੀਆਈ ਬੈਂਕ, ਟਾਟਾ ਮੋਟਰਜ਼, ਇੰਡਸਇੰਡ ਬੈਂਕ, ਜੇਐਸਡਬਲਯੂ ਸਟੀਲ, ਵਿਪਰੋ, ਟੀਸੀਐਸ, ਏਸ਼ੀਅਨ ਪੇਂਟਸ, ਟਾਈਟਨ, ਐਚਡੀਐਫਸੀ ਬੈਂਕ, ਟਾਟਾ ਸਟੀਲ, ਟੈਕ ਮਹਿੰਦਰਾ ਅਤੇ ਸਨ ਫਾਰਮਾ ਦੇ ਸ਼ੇਅਰ ਹਰੇ ਨਿਸ਼ਾਨ ਵਿੱਚ ਬੰਦ ਹੋਏ। ਐਨਟੀਪੀਸੀ, ਪਾਵਰ ਗਰਿੱਡ, ਅਲਟਰਾਟੈਕ, ਐਕਸਿਸ ਬੈਂਕ, ਇਨਫੋਸਿਸ, ਐਸਬੀਆਈ, ਬਜਾਜ ਫਿਨਸਰਵ, ਨੇਸਲੇ, ਬਜਾਜ ਫਾਈਨਾਂਸ, ਕੋਟਕ ਮਹਿੰਦਰਾ ਬੈਂਕ, ਆਈਟੀਸੀ, ਮਾਰੂਤੀ ਸੁਜ਼ੂਕੀ, ਐਲਐਂਡਟੀ, ਐਮਐਂਡਐਮ, ਐਚਯੂਐਲ ਅਤੇ ਭਾਰਤੀ ਏਅਰਟੈੱਲ ਲਾਲ ਨਿਸ਼ਾਨ ਵਿੱਚ ਬੰਦ ਹੋਏ।

ਗਲੋਬਲ ਬਾਜ਼ਾਰ ਦੀ ਸਥਿਤੀ

ਏਸ਼ੀਆ ਦੇ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਟੋਕੀਓ ਅਤੇ ਜਕਾਰਤਾ ਦੇ ਬਾਜ਼ਾਰ ਹਰੇ ਰੰਗ ਵਿੱਚ ਬੰਦ ਹਨ। ਹਾਂਗਕਾਂਗ, ਸ਼ੰਘਾਈ, ਤਾਈਪੇ, ਸਿਓਲ ਅਤੇ ਬੈਂਕਾਕ ਦੇ ਬਾਜ਼ਾਰ ਲਾਲ ਰੰਗ ‘ਚ ਬੰਦ ਹੋਏ। ਕੱਚਾ ਤੇਲ ਹੇਠਾਂ ਵੱਲ ਰੁਖ ਕਰ ਰਿਹਾ ਹੈ। ਬ੍ਰੈਂਟ ਕਰੂਡ 77 ਡਾਲਰ ਪ੍ਰਤੀ ਬੈਰਲ ਅਤੇ ਡਬਲਯੂਟੀਆਈ ਕਰੂਡ 72 ਡਾਲਰ ਪ੍ਰਤੀ ਬੈਰਲ ‘ਤੇ ਬਣਿਆ ਹੋਇਆ ਹੈ।