ਉਹ ਇਲਾਕਾ ਜਿੱਥੇ ਗ਼ੈਰਕਾਨੂੰਨੀ ਢੰਗ ਨਾਲ ਕੱਢਿਆ ਜਾਂਦਾ ਹੈ ਸੋਨਾ

January 14, 2024 5:13 pm
Panjab Pratham News

ਜਿਵੇਂ ਹੀ ਸਵੇਰ ਦਾ ਸੂਰਜ ਚੜ੍ਹਦਾ ਹੈ, ਖ਼ੈਬਰ-ਪਖ਼ਤੂਨਖਵਾ ਦੇ ਨੌਸ਼ਹਿਰਾ ਜ਼ਿਲ੍ਹੇ ਦੀ ਨਿਜ਼ਾਮਪੁਰ ਤਹਿਸੀਲ ਦੇ 30 ਸਾਲਾ ਸਈਦ ਮੁਹੰਮਦ ਅਤੇ ਉਸ ਦੇ ਦੋਸਤ ਵਕਾਸ ਡਿਊਟੀ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਘਰ ਵਾਪਸ ਜਾਣ ਦੀ ਤਿਆਰੀ ਕਰ ਰਹੇ ਹਨ।

ਕੜਾਕੇ ਦੀ ਠੰਢ ਵਿੱਚ, ਗੰਦੇ ਕੱਪੜੇ, ਉਸ ਦੇ ਸਰੀਰ ‘ਤੇ ਪੁਰਾਣਾ ਪਾਟਾ ਹੋਇਆ ਕੋਟ ਅਤੇ ਪੈਰਾਂ ਵਿੱਚ ਪਲਾਸਟਿਕ ਦੀਆਂ ਚੱਪਲਾਂ, ਇਸ ਹਾਲਤ ਵਿੱਚ ਉਹ ਅਬਾਸਿਨ ਨਦੀ ਦੀ ਰੇਤ ਨੂੰ ਛੂਹ ਕੇ ਸੋਨਾ ਕੱਢਣ ਦਾ ਕੰਮ ਕਰਦਾ ਹੈ।

ਸਈਦ ਮੁਹੰਮਦ ਨੂੰ 1500 ਰੁਪਏ ਦਿਹਾੜੀ ਮਿਲਦੀ ਹੈ ਪਰ ਉਹ ਇਹ ਵੀ ਜਾਣਦਾ ਹੈ ਕਿ ਇਹ ਕੰਮ ਗ਼ੈਰ-ਕਾਨੂੰਨੀ ਹੋਣ ਕਾਰਨ ਜੋਖ਼ਮ ਭਰਿਆ ਹੈ।

ਨੌਸ਼ਹਿਰਾ ਦੇ ਡਿਪਟੀ ਕਮਿਸ਼ਨਰ ਖ਼ਾਲਿਦ ਖਟਕ ਨੇ ਦੱਸਿਆ ਕਿ ਨਿਜ਼ਾਮਪੁਰ ਵਿੱਚ ਪਿਛਲੇ ਦੋ ਸਾਲਾਂ ਤੋਂ ਵੱਡੇ ਪੱਧਰ ‘ਤੇ ਸਿੰਧ ਜਾਂ ਅਬਾਸੀਨ ਨਦੀ ਤੋਂ ਵੱਡੀ ਮਸ਼ੀਨਰੀ ਦੀ ਮਦਦ ਨਾਲ ਨਾਲ ਸੋਨਾ ਕੱਢਣ ਦਾ ਕੰਮ ਚੱਲ ਰਿਹਾ ਹੈ, ਹਾਲਾਂਕਿ ਕਿਸੇ ਕੋਲ ਇਸ ਦੀ ਇਜਾਜ਼ਤ ਨਹੀਂ ਹੈ।

ਨੌਸ਼ਹਿਰਾ ਦੇ ਜਹਾਂਗੀਰਾ ਇਲਾਕੇ ਦੀ ਆਬਾਦੀ ਲਗਭਗ 3 ਲੱਖ ਹੈ। ਇੱਥੋਂ ਦੇ ਸਥਾਨਕ ਲੋਕਾਂ ਦੀ ਆਮਦਨੀ ਦਾ ਜ਼ਰੀਆ ਫੌਜੀ ਸੀਮਿੰਟ ਫੈਕਟਰੀਆਂ ਅਤੇ ਸੁਰੱਖਿਆ ਸੰਸਥਾਵਾਂ ਵਿੱਚ ਨੌਕਰੀਆਂ ਅਤੇ ਆਵਾਜਾਈ ਵਿੱਚ ਸਖ਼ਤ ਮਿਹਨਤ ਹੈ।

ਹਾਲਾਂਕਿ, ਪਿਛਲੇ ਦੋ ਸਾਲਾਂ ਵਿੱਚ, ਪਿੰਡ ਵਿੱਚੋਂ ਲੰਘਦੀ ਸਿੰਧੂ ਨਦੀ ਵਿੱਚੋਂ ਸੋਨਾ ਕੱਢਣ ਦੇ ਕੰਮ ਨੇ ਸਾਥਨਕ ਪੱਧਰ ‘ਤੇ ਕਾਰੋਬਾਰ ਦੇ ਮੌਕੇ ਵਧਾਏ ਹਨ।

ਸਥਾਨਕ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਇਸ ਕਾਰੋਬਾਰ ਵਿੱਚ ਸ਼ਾਮਲ ਹੁੰਦੇ ਹਨ ਪਰ ਜਦੋਂ ਤੁਸੀਂ ਪੱਤਰਕਾਰ ਵਜੋਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਤੁਹਾਨੂੰ ਕਿਸੇ ਸਰਕਾਰੀ ਅਦਾਰੇ ਦਾ ਮੁਲਾਜ਼ਮ ਸਮਝ ਕੇ ਚੁੱਪ ਵੱਟ ਲੈਂਦੇ ਹਨ।

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਕੰਮ ਗ਼ੈਰ-ਕਾਨੂੰਨੀ ਢੰਗ ਨਾਲ ਕੀਤਾ ਜਾ ਰਿਹਾ ਹੈ ਅਤੇ ‘ਵੱਡੇ ਲੋਕ’ ਇਸ ਵਿੱਚ ਲੱਗੇ ਹੋਏ ਹਨ। ਅਖ਼ਤਰ ਜਾਨ (ਬਦਲਿਆ ਹੋਇਆ ਨਾਮ) ਪਿਛਲੇ ਛੇ ਮਹੀਨਿਆਂ ਤੋਂ ਭਾਰੀ ਮਸ਼ੀਨਰੀ ਕਿਰਾਏ ‘ਤੇ ਲੈ ਕੇ ਦਰਿਆ ਵਿੱਚੋਂ ਸੋਨਾ ਕੱਢਣ ਦਾ ਕੰਮ ਕਰ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਨਿਜ਼ਾਮਪੁਰ ਦੇ ਇੱਕ ਦੋਸਤ ਨੇ ਸਲਾਹ ਦਿੱਤੀ ਸੀ ਕਿ ਕੁਝ ਪੈਸੇ ਲਗਾ ਕੇ ਰੋਜ਼ਾਨਾ ਲੱਖਾਂ ਰੁਪਏ ਕਮਾਏ ਜਾ ਸਕਦੇ ਹਨ, ਇਸ ਲਈ ਉਹੀ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

ਅਖ਼ਤਰ ਜਾਨ ਦੇ ਅਨੁਸਾਰ, ਉਨ੍ਹਾਂ ਨੇ ਸ਼ੁਰੂ ਵਿੱਚ 4 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਏ ‘ਤੇ ਤਿੰਨ ਛੋਟੀਆਂ ਖੁਦਾਈ ਮਸ਼ੀਨਾਂ ਲਈਆਂ ਸਨ ਅਤੇ ਇਸ ਕੰਮ ਲਈ 20 ਮਜ਼ਦੂਰ ਵੀ ਰੱਖੇ ਸਨ।

ਇਸ ਤੋਂ ਬਾਅਦ ਦਰਿਆ ਦੇ ਕੰਢੇ ਪਈ ਰੇਤ ਤੋਂ ਕੰਮ ਸ਼ੁਰੂ ਕੀਤਾ ਗਿਆ ਪਰ ਸੋਨਾ ਘੱਟ ਹੋਣ ਕਾਰਨ ਹਰ ਹਫ਼ਤੇ 15-20 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਛੋਟੀ ਮਸ਼ੀਨਰੀ ਦੀ ਥਾਂ ਪੰਜਾਬ ਤੋਂ 18-18 ਲੱਖ ਰੁਪਏ ਦੇ ਕਿਰਾਏ ‘ਤੇ ਤਿੰਨ ਵੱਡੀਆਂ ਖੁਦਾਈ ਮਸ਼ੀਨਾਂ ਲਿਆਂਦੀਆਂ ਗਈਆਂ ਹਨ, ਜੋ ਦਰਿਆ ਦੇ ਵਿਚਕਾਰੋਂ ਰੇਤ ਚੁੱਕਣ ਦੀ ਤਾਕਤ ਰੱਖਦੀਆਂ ਹਨ।

ਇਸ ਕਦਮ ਨਾਲ ਉਨ੍ਹਾਂ ਦੀ ਆਮਦਨ ਵੀ ਵਧ ਗਈ, ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਹੋਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਸਈਦ ਉੱਲਾ (ਬਦਲਿਆ ਹੋਇਆ ਨਾਮ) ਪਹਿਲਾਂ ਉਸਾਰੀ ਖੇਤਰ ਨਾਲ ਜੁੜੇ ਹੋਏ ਸੀ ਪਰ ਅੱਠ ਮਹੀਨੇ ਪਹਿਲਾਂ ਉਨ੍ਹਾਂ ਨੇ 4 ਕਰੋੜ ਰੁਪਏ ਦੀ ਭਾਰੀ ਮਸ਼ੀਨਰੀ ਵੀ ਖਰੀਦੀ ਸੀ ਅਤੇ ਅੱਧੀ ਆਮਦਨ ‘ਤੇ ਸੋਨਾ ਕੱਢਣ ਲਈ ਸਥਾਨਕ ਠੇਕੇਦਾਰ ਨੂੰ ਦਿੱਤੀ ਸੀ।

ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਦੋ ਮਹੀਨਿਆਂ ਵਿੱਚ ਉਨ੍ਹਾਂ ਨੇ ਕੁਝ ਨਹੀਂ ਕਮਾਇਆ ਅਤੇ ਇਸ ਤੋਂ ਇਲਾਵਾ ਪੁਲਿਸ ਨੇ ਛਾਪੇਮਾਰੀ ਕਰਕੇ ਡੇਢ ਕਰੋੜ ਰੁਪਏ ਦੀ ਮਸ਼ੀਨਰੀ ਜ਼ਬਤ ਕਰ ਲਈ ਅਤੇ ਪੰਜ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ।

ਉਨ੍ਹਾਂ ਕਿਹਾ ਕਿ ਸਾਰੇ ਲੋਕ ਅਦਾਲਤ ਤੋਂ ਜ਼ਮਾਨਤ ’ਤੇ ਰਿਹਾਅ ਹੋ ਚੁੱਕੇ ਹਨ ਪਰ ਮਸ਼ੀਨਾਂ ਅਜੇ ਵੀ ਪੁਲਿਸ ਕੋਲ ਹਨ। ਉਨ੍ਹਾਂ ਅਨੁਸਾਰ ਇਸ ਕੰਮ ਦੌਰਾਨ ਸਰਕਾਰ ਵੱਲੋਂ ਸਖ਼ਤ ਕਾਰਵਾਈ ਕਰਨ ਤੋਂ ਇਲਾਵਾ ਮਸ਼ੀਨਾਂ ਦੇ ਦਰਿਆ ਵਿੱਚ ਡੁੱਬਣ ਵਰਗੀਆਂ ਘਟਨਾਵਾਂ ਸਮੇਤ ਕਈ ਮੁਸ਼ਕਲਾਂ ਆਉਂਦੀਆਂ ਹਨ ਪਰ ਉਹ ਇਸ ਕੰਮ ਨੂੰ ਕਿਵੇਂ ਛੱਡ ਦੇਣ।

ਨੌਸ਼ਹਿਰਾ ਜ਼ਿਲ੍ਹੇ ਵਿੱਚ ਸਿੰਧੂ ਦਰਿਆ ਵਿੱਚੋਂ ਸੋਨੇ ਦੀ ਗ਼ੈਰ-ਕਾਨੂੰਨੀ ਨਿਕਾਸੀ ਨੂੰ ਰੋਕਣ ਲਈ ਖਣਿਜ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਾਂਝੇ ਤੌਰ ‘ਤੇ ਕਾਰਵਾਈ ਕਰ ਰਹੇ ਹਨ।

ਖ਼ਾਲਿਦ ਖਟਕ ਨੇ ਦੱਸਿਆ ਕਿ ਨੌਸ਼ਹਿਰਾ ਤੋਂ ਲੰਘਣ ਵਾਲੇ ਕਾਬੁਲ ਅਤੇ ਸਿੰਧ ਦਰਿਆ ਤੋਂ ਸੋਨੇ ਦੀ ਗ਼ੈਰ-ਕਾਨੂੰਨੀ ਮਾਈਨਿੰਗ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ, ਪਰ ਭਾਰੀ ਅਤੇ ਆਧੁਨਿਕ ਮਸ਼ੀਨਰੀ ਦੀ ਵਰਤੋਂ 2022 ਵਿੱਚ ਸ਼ੁਰੂ ਹੋਈ ਸੀ ਅਤੇ ਇਸ ਸਾਲ ਇਸ ਵਿੱਚ ਕਾਫ਼ੀ ਵਾਧਾ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਸੋਨੇ ਦੀ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਨਿਜ਼ਾਮਪੁਰ ਵਿੱਚ ਸੀਮਿੰਟ ਫੈਕਟਰੀ ਨੇੜੇ ਪੁਲਿਸ ਅਤੇ ਖਣਿਜ ਵਿਭਾਗ ਦੀ ਸਾਂਝੀ ਚੈਕਿੰਗ ਪੋਸਟ ਵੀ ਸਥਾਪਿਤ ਕੀਤੀ ਗਈ ਹੈ ਅਤੇ ਖਣਿਜ ਵਿਭਾਗ ਦੀ ਬੇਨਤੀ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਅਨੁਸਾਰ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ 858 ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 825 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਤੋਂ 70 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ 12 ਐਕਸਕੈਵੇਟਰ, 7 ਵਾਹਨ ਅਤੇ 20 ਮੋਟਰਸਾਈਕਲਾਂ ਸਮੇਤ ਵੱਖ-ਵੱਖ ਤਰ੍ਹਾਂ ਦਾ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ।

ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਦਰਿਆ ਤੋਂ ਸੋਨੇ ਦੀ ਖੁਦਾਈ ਘਟਣ ਦੀ ਬਜਾਏ ਦਿਨੋ-ਦਿਨ ਵਧਦੀ ਜਾ ਰਹੀ ਹੈ।

ਖ਼ਾਲਿਦ ਖਟਕ ਦਾ ਕਹਿਣਾ ਹੈ ਕਿ ਇਸ ਗ਼ੈਰ-ਕਾਨੂੰਨੀ ਕਾਰੋਬਾਰ ਨੂੰ ਰੋਕਣ ਲਈ ਰੋਜ਼ਾਨਾ ਕਾਰਵਾਈ ਕੀਤੀ ਜਾ ਰਹੀ ਹੈ, ਪਰ ਖਣਿਜ ਵਿਭਾਗ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਦੀ ਲੀਜ਼ ਜਾਂ ਨਿਲਾਮੀ ਵੱਲ ਕਦਮ ਚੁੱਕੇ ਤਾਂ ਜੋ ਕੌਮੀ ਖ਼ਜ਼ਾਨੇ ਨੂੰ ਬਚਾਇਆ ਜਾ ਸਕੇ ਅਤੇ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕੇ।