ਕਿਸਾਨ ਸ਼ੁਭਕਰਨ ਦੇ ਅੰਤਮ ਭੋਗ ਮੌਕੇ ਚੜਾਵੇ ਨੂੰ ਲੈ ਕੇ ਪਿਆ ਰੌਲਾ, ਪਰਿਵਾਰ ਨੇ ਦਿੱਤਾ ਸਪੱਸ਼ਟੀਕਰਨ

March 8, 2024 4:21 pm
2a6d3341 694f 47e7 87bf 8f90f5edceda

ਚੰਡੀਗੜ੍ਹ : ਪੰਜਾਬ ਦੇ ਖਨੌਰੀ ਬਾਰਡਰ ‘ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਭੋਗ ਪ੍ਰੋਗਰਾਮ ‘ਚ ਕੀਤੇ ਗਏ ਚੜ੍ਹਾਵੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਪਿੰਡ ਦੇ ਗੁਰਦੁਆਰਾ ਅਕਾਲ ਸਹਾਏ ਦੇ ਪ੍ਰਬੰਧਕਾਂ ਨੇ ਦੋਸ਼ ਲਾਇਆ ਹੈ ਕਿ ਕਿਸਾਨ ਯੂਨੀਅਨ ਨੇ ਚੰਦੇ ਵਿੱਚੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ ਹੈ। ਕਿਸਾਨ ਜਥੇਬੰਦੀ ਨੇ ਅਜਿਹੀ ਕਿਸੇ ਵੀ ਮੰਗ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਸ਼ੁਭਕਰਨ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਉਨ੍ਹਾਂ ਨੂੰ ਨਹੀਂ ਮਿਲਿਆਂ ਅਤੇ ਨਾ ਹੀ ਉਨ੍ਹਾਂ ਤੋਂ ਪੈਸੇ ਦੀ ਕੋਈ ਮੰਗ ਕੀਤੀ ਹੈ। ਸ਼ੁਭਕਰਨ ਦੀ 21 ਫਰਵਰੀ ਨੂੰ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਮੌਤ ਹੋ ਗਈ ਸੀ। ਕਿਸਾਨ ਆਗੂਆਂ ਅਤੇ ਪਰਿਵਾਰ ਦਾ ਕਹਿਣਾ ਸੀ ਕਿ ਹਰਿਆਣਾ ਪੁਲਿਸ ਨੇ ਸ਼ੁਭਕਰਨ ਨੂੰ ਗੋਲੀ ਮਾਰ ਦਿੱਤੀ ਹੈ।

ਸ਼ੁਭਕਰਨ ਸਿੰਘ ਦਾ ਭੋਗ 3 ਮਾਰਚ ਨੂੰ ਸੀ। ਇਸ ਵਿੱਚ ਕਿਸਾਨ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਪਿੰਡ ਦੇ ਗੁਰਦੁਆਰਾ ਸ੍ਰੀ ਅਕਾਲ ਸਹਾਏ ਦੇ ਪ੍ਰਬੰਧਕਾਂ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ’ਤੇ ਗੰਭੀਰ ਦੋਸ਼ ਲਾਏ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕਿਸਾਨ ਸ਼ੁਭਕਰਨ ਦੇ ਪਰਿਵਾਰ ਨੂੰ ਮਿਲ ਕੇ ਪੈਸਿਆਂ ਦੀ ਮੰਗ ਵੀ ਕਰ ਚੁੱਕੇ ਹਨ। ਪ੍ਰਬੰਧਕਾਂ ਅਨੁਸਾਰ ਪਿੰਡ ਇਕੱਠਾ ਹੋਇਆ ਅਤੇ ਗੋਲਕ ਵਿੱਚ ਇਕੱਠਾ ਹੋਇਆ ਪੈਸਾ ਜਨਤਕ ਤੌਰ ’ਤੇ ਗਿਣਿਆ ਗਿਆ। ਇਹ ਰਕਮ ਲਗਪਗ 90 ਹਜ਼ਾਰ ਰੁਪਏ ਬਣਦੀ ਹੈ।

ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਕਿ ਇਹ ਪੈਸਾ ਗੁਰਦੁਆਰਾ ਸਾਹਿਬ ਦਾ ਹੈ ਅਤੇ ਇਸ ਦਾ ਇੱਕ ਰੁਪਇਆ ਵੀ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ। ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਯੂਨੀਅਨ ਨੇ ਨਾ ਤਾਂ ਅਜਿਹੀ ਕੋਈ ਮੰਗ ਉਠਾਈ ਹੈ ਅਤੇ ਨਾ ਹੀ ਉਨ੍ਹਾਂ ਵੱਲੋਂ ਕਿਸੇ ਨੂੰ ਅਜਿਹੀ ਮੰਗ ਕਰਨ ਲਈ ਕਿਹਾ ਹੈ। ਇਹ ਕਿਸਾਨ ਜਥੇਬੰਦੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।

ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ, ਤਾਂ ਜੋ ਸੱਚ ਸਾਹਮਣੇ ਲਿਆਂਦਾ ਜਾ ਸਕੇ। ਇਸ ਵਿਵਾਦ ਦਰਮਿਆਨ ਸ਼ੁਭਕਰਨ ਸਿੰਘ ਦਾ ਪਰਿਵਾਰ ਵੀ ਆਇਆ ਸਾਹਮਣੇ। ਉਸ ਨੇ ਸਾਫ਼ ਇਨਕਾਰ ਕੀਤਾ ਕਿ ਕਿਸਾਨ ਜਥੇਬੰਦੀਆਂ ਨੇ ਉਸ ਨਾਲ ਆ ਕੇ ਕੋਈ ਮੁਲਾਕਾਤ ਨਹੀਂ ਕੀਤੀ ਅਤੇ ਨਾ ਹੀ ਉਸ ਵੱਲੋਂ ਪੈਸੇ ਦੀ ਕੋਈ ਮੰਗ ਕੀਤੀ ਗਈ ਹੈ। ਸ਼ੁਭਕਰਨ ਦੀ ਮੌਤ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਹੀ ਉਸ ਦੀ ਮਦਦ ਕੀਤੀ ਹੈ। ਸ਼ੁਭਕਰਨ ਸਿੰਘ ਦਾ ਨਾਂ ਬਦਨਾਮ ਨਾ ਕਰਨ ਦੀ ਵੀ ਅਪੀਲ ਕੀਤੀ।