ਪੂਰਾ ਦੇਸ਼ ਕਿਸਾਨਾਂ ਨਾਲ ਪਰ ਮਸਲੇ ਦਾ ਹੱਲ ਗੱਲਬਾਤ ਨਾਲ ਹੀ ਨਿਕਲੇਗਾ : ਸੁਨੀਲ ਜਾਖੜ

February 18, 2024 7:38 am
Jakhar Panjab Pratham News
ਕਿਸਾਨਾਂ ਨੂੰ ਆਗਾਹ ਕੀਤਾ, ਕਿਹਾ ਕੋਈ ਆਪਣੇ ਸਿਆਸੀ ਮੁਫਾਦਾਂ ਲਈ ਨਾ ਵਰਤ ਜਾਵੇ ਕਿਸਾਨਾਂ ਦਾ ਮੋਢਾ
ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨ ਸੰਗਠਨਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਇਸ ਸਮੇਂ ਪੂਰਾ ਦੇਸ਼ ਅਤੇ ਭਾਰਤ ਸਰਕਾਰ ਉਨ੍ਹਾਂ ਦੇ ਨਾਲ ਹੈ ਪਰ ਉਨ੍ਹਾਂ ਨੂੰ ਵਰਤ ਕੇ ਕੋਈ ਇਸ ਸਮੇਂ ਪੰਜਾਬ ਤੇ ਕਿਸਾਨਾਂ ਦਾ ਨੁਕਸਾਨ ਨਾ ਕਰਵਾ ਜਾਵੇ।
ਅੱਜ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਗੱਲਬਾਤ ਨਾਲ ਹੀ ਨਿਕਲੇਗਾ ਅਤੇ ਭਾਰਤ ਸਰਕਾਰ ਇਸ ਸਬੰਧੀ ਸੁਹਿਰਦ ਯਤਨ ਕਰ ਰਹੀ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਚੱਲ ਰਹੀ ਗਲਬਾਤ ਰਾਹੀਂ ਮਸਲੇ ਦੇ ਹੱਲ ਨਿਕਲ ਆਵੇਗਾ ਪਰ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਮਸਲੇ ਦੇ ਨਾਜੁਕਤਾ ਨੂੰ ਸਮਝਣ ਕਿਉਂਕਿ ਕਿਤੇ ਅਜਿਹਾ ਨਾ ਹੋਵੇ ਕਿ ਦੇਸ਼ ਭਰ ਵਿਚ ਜੋ ਕਿਸਾਨ ਨਾਲ ਅੱਜ ਹਮਦਰਦੀ ਦੀ ਭਾਵਨਾ ਹੈ ਉਸਨੂੰ ਸੱਟ ਵੱਜੇ।ਉਨ੍ਹਾਂ ਨੇ ਕਿਹਾ ਕਿ ਕਿਸਾਨ ਖੁਦ ਵੀ ਜਾਗਰੂਕ ਹੋਣ ਤੇ ਇਹ ਸਵੈ ਮੰਥਨ ਕਰਨ ਕਿ ਕਿਤੇ ਸਾਨੂੰ ਕੋਈ ਇਸਤੇਮਾਲ ਤਾਂ ਨਹੀਂ ਕਰ ਰਿਹਾ ਹੈ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਕਿਸਾਨ ਕਿਸਾਨ ਹੁੰਦਾ ਹੈ, ਉਸਦੀ ਪਾਰਟੀ ਜਾਂ ਧਰਮ ਕੋਈ ਵੀ ਹੋਵੇ ਉਹ ਕਿਸਾਨ ਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਕਿਸਾਨ ਹਨ ਅਤੇ ਇਸ ਅੰਦੋਲਣ ਨੂੰ ਕਿਸੇ ਧਰਮ ਜਾਂ ਸੂੁਬੇ ਨਾਲ ਜੋੜਨਾ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਭਾਵੁਕਤਾ ਦੀ ਬਜਾਏ ਜਿੰਮੇਵਾਰੀ ਵਾਲਾ ਵਿਹਾਰ ਕੀਤਾ ਜਾਵੇ ਨਹੀਂ ਤਾਂ ਸ਼ਰਾਰਤੀ ਅਨਸਰ ਅਜਿਹੇ ਨਾਜੁਕ ਮੌਕੇ ਆਪਣਾ ਕਾਰਾ ਕਰ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਰਾਰਤੀ ਅਨਸਰਾਂ ਕਰਕੇ ਹੀ ਸਰਕਾਰਾਂ ਨੂੰ ਸੁਰੱਖਿਆ ਇੰਤਜਾਮ ਕਰਨੇ ਪੈਂਦੇ ਹਨ ਜੇਕਰ ਅਜਿਹਾ ਡਰ ਨਾ ਹੋਵੇ ਤਾਂ ਕਿਸੇ ਨੂੰ ਆਉਣ ਜਾਣ ਦੀ ਕਿਤੇ ਕੋਈ ਰੁਕਾਵਟ ਨਹੀਂ ਹੋ ਸਕਦੀ।
ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਬੇਸ਼ਕ ਇਸ ਵਿਚ ਜਿਸ ਕਿਸਮ ਦੀਆਂ ਪੰਚਾਇਤੀਆਂ ਵਿਚਕਾਰ ਪੈ ਗਈਆਂ ਹਨ ਤਾਂ ਵੀ ਇਸ ਮਸਲੇ ਦਾ ਹੱਲ ਗੱਲਬਾਤ ਨਾਲ ਹੀ ਨਿਕਲੇਗਾ ਅਤੇ ਨਿਕਲ ਕੇ ਰਹੇਗਾ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਤਰੱਕੀ ਦੇ ਜੋ ਚਾਰ ਪਿੱਲਰ: ਗਰੀਬ, ਕਿਸਾਨ, ਯੁਵਾ ਅਤੇ ਔਰਤਾਂ ਨੂੰ ਮੰਨਦੇ ਹਨ ਉਨ੍ਹਾਂ ਵਿਚੋਂ ਦੋ ਗਰੀਬ ਅਤੇ ਕਿਸਾਨ ਦਾ ਮਸਲਾ ਇਸ ਨਾਲ ਜੁੜਿਆ ਹੋਇਆ ਹੈ ਤਾਂ ਫਿਰ ਭਾਰਤ ਸਰਕਾਰ ਇੰਨ੍ਹਾਂ ਦੇ ਮਸਲੇ ਦਾ ਹੱਲ ਕਰਨ ਤੋਂ ਪਿੱਛੇ ਥੋੜਾ ਹਟੇਗੀ। ਇਸ ਲਈ ਜਰੂਰੀ ਹੈ ਕਿ ਗੱਲਬਾਤ ਰਾਹੀਂ ਸਾਰਥਕ ਹੱਲ ਕੱਢਿਆ ਜਾਵੇ ਅਤੇ ਉਨ੍ਹਾਂ ਤਾਕਤਾਂ ਤੋਂ ਕਿਸਾਨ ਜਰੂਰ ਸੁਚੇਤ ਰਹਿਣ ਜੋ ਉਨ੍ਹਾਂ ਦਾ ਮੋਢਾ ਵਰਤਨ ਦੀ ਤਾਕ ਵਿਚ ਹਨ।