ਕੌਣ ਹੈ ਦੁਨੀਆ ਦਾ ਸਭ ਤੋਂ ਭ੍ਰਿਸ਼ਟ ਦੇਸ਼, ਸੂਚੀ ਜਾਰੀ

January 31, 2024 1:22 pm
Img 20240131 Wa0059

ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ 180 ਦੇਸ਼ਾਂ ਦੀ ਭ੍ਰਿਸ਼ਟਾਚਾਰ ਰਿਪੋਰਟ ਸਾਹਮਣੇ ਆਈ ਹੈ ਅਤੇ ਭਾਰਤ ਇਸ ਵਿੱਚ 93ਵੇਂ ਸਥਾਨ ‘ਤੇ ਹੈ। ਭਾਰਤ ਦੇ ਜ਼ਿਆਦਾਤਰ ਗੁਆਂਢੀ ਦੇਸ਼ ਇਸ ਸੂਚੀ ਵਿੱਚ ਹੋਰ ਹੇਠਾਂ ਹਨ।

ਨਵੀਂ ਦਿੱਲੀ : ਵੱਖ-ਵੱਖ ਦੇਸ਼ਾਂ ‘ਚ ਭ੍ਰਿਸ਼ਟਾਚਾਰ ਦੀ ਸਥਿਤੀ ਬਾਰੇ ਜਾਣਕਾਰੀ ਦੇਣ ਵਾਲੀ ਸੰਸਥਾ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ 180 ਦੇਸ਼ਾਂ ਦੀ ਭ੍ਰਿਸ਼ਟਾਚਾਰ ਰਿਪੋਰਟ ਮੰਗਲਵਾਰ ਨੂੰ ਜਾਰੀ ਕੀਤੀ ਗਈ। ਰਿਪੋਰਟ ਮੁਤਾਬਕ ਭਾਰਤ ਵਿੱਚ 2022 ਦੇ ਮੁਕਾਬਲੇ 2023 ਵਿੱਚ ਭ੍ਰਿਸ਼ਟਾਚਾਰ ਵਧਿਆ ਹੈ।

ਸੰਸਥਾ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ 2023 ‘ਚ ਭ੍ਰਿਸ਼ਟਾਚਾਰ ਧਾਰਨਾ ਸੂਚਕ ਅੰਕ ‘ਚ 93ਵੇਂ ਸਥਾਨ ‘ਤੇ ਆ ਗਿਆ ਹੈ, ਜਦਕਿ ਇਕ ਸਾਲ ਪਹਿਲਾਂ 2022 ‘ਚ ਇਹ 85ਵੇਂ ਸਥਾਨ ‘ਤੇ ਸੀ। 180 ਦੇਸ਼ਾਂ ਦੀ ਇਸ ਰੈਂਕਿੰਗ ‘ਚ ਪਹਿਲੇ ਨੰਬਰ ‘ਤੇ ਰਹਿਣ ਵਾਲੇ ਦੇਸ਼ ‘ਚ ਸਭ ਤੋਂ ਘੱਟ ਭ੍ਰਿਸ਼ਟਾਚਾਰ ਹੈ, ਜਦਕਿ 180ਵੇਂ ਨੰਬਰ ‘ਤੇ ਰਹਿਣ ਵਾਲੇ ਦੇਸ਼ ‘ਚ ਸਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਹੈ।

ਭਾਰਤ ਦੇ ਗੁਆਂਢੀ ਦੇਸ਼ਾਂ ਦੀ ਸਥਿਤੀ ਕੀ ਹੈ?

ਭਾਰਤ ਦੇ ਗੁਆਂਢੀ ਦੇਸ਼ਾਂ ਦੀ ਗੱਲ ਕਰੀਏ ਤਾਂ ਭੂਟਾਨ 26ਵੇਂ ਸਥਾਨ ‘ਤੇ ਹੈ ਅਤੇ ਦੱਖਣੀ ਏਸ਼ੀਆ ‘ਚ ਸਭ ਤੋਂ ਘੱਟ ਭ੍ਰਿਸ਼ਟਾਚਾਰ ਹੈ । ਇਸ ਸੂਚੀ ‘ਚ ਚੀਨ 76ਵੇਂ ਸਥਾਨ ‘ਤੇ ਹੈ ਅਤੇ ਇੱਥੇ ਵੀ 2022 ਦੇ ਮੁਕਾਬਲੇ 2023 ‘ਚ ਭ੍ਰਿਸ਼ਟਾਚਾਰ ਵਧਿਆ ਹੈ।

ਭਾਰਤ ਦਾ ਇੱਕ ਹੋਰ ਗੁਆਂਢੀ ਦੇਸ਼ ਸ੍ਰੀਲੰਕਾ ਸੂਚੀ ਵਿੱਚ 115ਵੇਂ ਨੰਬਰ ‘ਤੇ ਹੈ, ਜਿਸ ਦਾ ਮਤਲਬ ਹੈ ਕਿ ਇੱਥੇ ਭਾਰਤ ਨਾਲੋਂ ਵੱਧ ਭ੍ਰਿਸ਼ਟਾਚਾਰ ਹੈ। ਇਸ ਸੂਚੀ ‘ਚ ਨੇਪਾਲ 108ਵੇਂ ਨੰਬਰ ‘ਤੇ, ਪਾਕਿਸਤਾਨ 133ਵੇਂ, ਬੰਗਲਾਦੇਸ਼ 149ਵੇਂ ਅਤੇ ਅਫਗਾਨਿਸਤਾਨ 162ਵੇਂ ਨੰਬਰ ‘ਤੇ ਹੈ। ਇਸ ਤਰ੍ਹਾਂ ਭੂਟਾਨ ਅਤੇ ਚੀਨ ਨੂੰ ਛੱਡ ਕੇ ਬਾਕੀ ਗੁਆਂਢੀ ਮੁਲਕਾਂ ਵਿੱਚ ਭਾਰਤ ਨਾਲੋਂ ਵੱਧ ਭ੍ਰਿਸ਼ਟਾਚਾਰ ਹੈ।

ਡੈਨਮਾਰਕ ‘ਚ ਸਭ ਤੋਂ ਘੱਟ ਭ੍ਰਿਸ਼ਟਾਚਾਰ ਹੈ

ਜੇਕਰ ਸਭ ਤੋਂ ਘੱਟ ਭ੍ਰਿਸ਼ਟਾਚਾਰ ਵਾਲੇ ਦੇਸ਼ਾਂ ਦੀ ਗੱਲ ਕਰੀਏ ਤਾਂ ਡੈਨਮਾਰਕ ਪਹਿਲੇ ਨੰਬਰ ‘ਤੇ ਹੈ। ਇਸ ਤੋਂ ਬਾਅਦ ਫਿਨਲੈਂਡ ਦੂਜੇ, ਨਿਊਜ਼ੀਲੈਂਡ ਤੀਜੇ, ਨਾਰਵੇ ਚੌਥੇ ਅਤੇ ਸਿੰਗਾਪੁਰ ਪੰਜਵੇਂ ਨੰਬਰ ‘ਤੇ ਹੈ। ਸਿੰਗਾਪੁਰ ਇਕਲੌਤਾ ਏਸ਼ੀਆਈ ਦੇਸ਼ ਹੈ ਜੋ ਇਸ ਸੂਚੀ ਵਿਚ ਚੋਟੀ ਦੇ 10 ਵਿਚ ਸ਼ਾਮਲ ਹੈ।

ਜਦੋਂ ਕਿ ਜੇਕਰ ਟਾਪ 20 ਦੀ ਗੱਲ ਕਰੀਏ ਤਾਂ ਸਿੰਗਾਪੁਰ ਤੋਂ ਇਲਾਵਾ ਏਸ਼ੀਆ ‘ਚੋਂ ਸਿਰਫ ਹਾਂਗਕਾਂਗ ਅਤੇ ਜਾਪਾਨ ਹੀ ਹਨ। ਸੋਮਾਲੀਆ ਵਿੱਚ ਵਿਸ਼ਵ ਵਿੱਚ ਸਭ ਤੋਂ ਵੱਧ ਭ੍ਰਿਸ਼ਟਾਚਾਰ ਹੈ ਅਤੇ ਇਹ ਦੇਸ਼ ਸੂਚੀ ਵਿੱਚ 180ਵੇਂ ਸਥਾਨ ‘ਤੇ ਹੈ। ਸੋਮਾਲੀਆ ਤੋਂ ਇਲਾਵਾ ਵੈਨੇਜ਼ੁਏਲਾ, ਸੀਰੀਆ, ਦੱਖਣੀ ਸੂਡਾਨ, ਯਮਨ ਅਤੇ ਉੱਤਰੀ ਕੋਰੀਆ ਦੁਨੀਆ ਦੇ ਸਭ ਤੋਂ ਭ੍ਰਿਸ਼ਟ ਦੇਸ਼ਾਂ ਵਿੱਚ ਸ਼ਾਮਲ ਹਨ।